Breaking News
Home / ਨਵੀਆਂ ਖੋਜਾਂ / ਸਰਕਾਰੀ ਨੌਕਰੀ ਛੱਡਕੇ ਸਬਜ਼ੀਆਂ ਦਾ ਸਫ਼ਲ ਕਾਸ਼ਤਕਾਰ ਬਣਿਆ ਨੌਜਵਾਨ ਅਮਰਿੰਦਰ ਸਿੰਘ

ਸਰਕਾਰੀ ਨੌਕਰੀ ਛੱਡਕੇ ਸਬਜ਼ੀਆਂ ਦਾ ਸਫ਼ਲ ਕਾਸ਼ਤਕਾਰ ਬਣਿਆ ਨੌਜਵਾਨ ਅਮਰਿੰਦਰ ਸਿੰਘ

ਸਰਕਾਰੀ ਨੌਕਰੀ ਛੱਡਕੇ ਸਬਜ਼ੀਆਂ ਦਾ ਸਫ਼ਲ ਕਾਸ਼ਤਕਾਰ ਬਣਿਆ ਨੌਜਵਾਨ ਅਮਰਿੰਦਰ ਸਿੰਘ-ਪਟਿਆਲਾ ਜ਼ਿਲ੍ਹੇ ਦੇ ਨਾਭਾ ਬਲਾਕ ਦੇ ਪਿੰਡ ਸਾਧੋਹੇੜੀ ਦਾ ਇੱਕ ਨੌਜਵਾਨ ਉਂਜ ਭਾਵੇਂ ਉਚੇਰੀ ਪੜ੍ਹਾਈ (ਐਮ.ਐਸ.ਸੀ ਇਨ ਜੀਉ-ਇਨਫੋਰਮੈਟਿਕਸ) ਲਈ ਨੀਦਰਲੈਂਡ ਵੀ ਗਿਆ ਅਤੇ ਪੰਜਾਬ ਸਰਕਾਰ ਦੇ ਰੀਮੋਰਟ ਸੈਂਸਿੰਗ ਸੈਂਟਰ ‘ਚ ਬਤੌਰ ਵਿਗਿਆਨੀ ਕਰੀਬ 4 ਵਰ੍ਹੇ ਨੌਕਰੀ ਵੀ ਕੀਤੀ ਪਰੰਤੂ ਅਸਲੀ ਸਤੁੰਸ਼ਟੀ ਤਾਂ ਉਸਨੂੰ ਸਬਜ਼ੀਆਂ ਦਾ ਸਫ਼ਲ ਕਾਸ਼ਤਕਾਰ ਬਣਕੇ ਹੀ ਮਿਲੀ। ਇਹ ਅਗਾਂਹਵਧੂ ਕਿਸਾਨ ਅੱਜ ਰੰਗ ਬਰੰਗੀ ਸ਼ਿਮਲਾ ਮਿਰਚ, ਖੁੰਭਾਂ, ਖੀਰੇ, ਕਰੇਲੇ, ਹਰੀ ਮਿਰਚ ਤੇ ਖਰਬੂਜਿਆਂ ਦੀ ਉਨਤ ਖੇਤੀ ਅਤਿ ਆਧੁਨਿਕ ਢੰਗ ਤਰੀਕਿਆਂ ਨਾਲ ਕਰਕੇ ਜਿੱਥੇ ਪ੍ਰਤੀ ਏਕੜ ਖ਼ੁਦ ਚੰਗਾ ਮੁਨਾਫ਼ਾ ਕਮਾ ਰਿਹਾ ਹੈ ਉਥੇ ਹੀ ਦੂਸਰੇ ਕਿਸਾਨਾਂ ਲਈ ਪ੍ਰੇਰਣਾ ਦਾ ਸਰੋਤ ਵੀ ਬਣਿਆ ਹੋਇਆ ਹੈ 2013 ‘ਚ ਨੌਕਰੀ ਛੱਡ ਕੇ ਆਪਣੀ 32 ਏਕੜ ਪਰਿਵਾਰਕ ਜਮੀਨ ‘ਤੇ ਖੇਤੀਬਾੜੀ ਦਾ ਰਵਾਇਤੀ ਕਿੱਤਾ ਅਪਨਾਉਣ ਵਾਲੇ ਇਸ ਨੌਜਵਾਨ ਅਮਰਿੰਦਰ ਸਿੰਘ ਨੇ 4000 ਵਰਗ ਮੀਟਰ ਦੇ ਪੋਲੀਹਾਊਸ ਤੋਂ ਸਬਜ਼ੀਆਂ ਦੀ ਕਾਸ਼ਤ ਦੀ ਸ਼ੁਰੂਆਤ ਕੀਤੀ ਤੇ ਮਗਰੋਂ 2014 ‘ਚ 4000 ਵਰਗ ਮੀਟਰ ਦਾ ਇੱਕ ਹੋਰ ਪੋਲੀਹਾਊਸ ਬਣਾਇਆ ਅਤੇ ਇਥੋਂ ਮਿਲੇ ਮੁਨਾਫੇ ਨੇ ਇਸਨੂੰ ਸਬਜ਼ੀਆਂ ਦੀ ਹੋਰ ਪੈਦਾਵਾਰ ਲਈ ਉਤਸ਼ਾਹਤ ਕੀਤਾ। ਇਸ ਤਰ੍ਹਾਂ ਅੱਜ ਅਮਰਿੰਦਰ ਸਿੰਘ ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋਂ ਮਿਲੇ ਸਹਿਯੋਗ, ਸਬਸਿਡੀਆਂ ਅਤੇ ਤਕਨੀਕੀ ਸਹਾਇਤਾ ਦੇ ਬਲਬੂਤੇ ਇੱਕ ਸਫ਼ਲ ਸਬਜ਼ੀ ਕਾਸ਼ਤਕਾਰ ਬਣ ਗਿਆ ਹੈ। ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਨੇ ਅਮਰਿੰਦਰ ਸਿੰਘ ਨੂੰ ਪ੍ਰਤੀ ਪੋਲੀਹਾਊਸ 16 ਲੱਖ 88 ਹਜ਼ਾਰ ਅਤੇ ਕਾਸ਼ਤ ਵਾਲੇ ਸਮਾਨ ‘ਤੇ 2 ਲੱਖ 80 ਹਜ਼ਾਰ ਪ੍ਰਤੀ ਪੋਲੀਹਾਊਸ ਵੱਖਰੀ ਸਬਸਿਡੀ ਮੁਹੱਈਆ ਕਰਵਾਈ ਜਦੋਂਕਿ ਇਸ ਦੇ ਖੁੰਭਾਂ ਦੇ ਕੰਪੋਸਟ ਯੂਨਿਟ ਲਈ ਵੀ ਸਬਸਿਡੀ ਦੀ ਪ੍ਰਵਾਨਗੀ ਮਿਲ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਘਰ-ਘਰ ਰੋਜ਼ਗਾਰ ਦੇਣ ਦੇ ਸਿਰਜੇ ਸੁਪਨੇ ਨੂੰ ਸਾਕਾਰ ਕਰਦਾ ਨਜ਼ਰ ਆਉਂਦਾ ਇਹ ਨੌਜਵਾਨ ਦੱਸਦਾ ਹੈ ਕਿ ਉਸ ਨੇ ਜਦੋਂ ਆਪਣੀ ਗਜ਼ਟਿਡ ਅਫ਼ਸਰ ਦੀ ਸਰਕਾਰੀ ਨੌਕਰੀ ਛੱਡੀ ਸੀ ਤਾਂ ਲੋਕ ਉਸਨੂੰ ਮਖੌਲਾਂ ਕਰਦੇ ਸਨ ਪਰੰਤੂ ਅੱਜ ਉਸਨੂੰ ਆਪਣੇ ਲਏ ਫੈਸਲੇ ‘ਤੇ ਫ਼ਖ਼ਰ ਮਹਿਸੂਸ ਹੁੰਦਾ ਹੈ, ਕਿਉਂਕਿ ਹੋਰ ਕਿਸਾਨ ਵੀ ਉਸ ਤੋਂ ਅਜਿਹੀ ਖੇਤੀ ਕਰਨ ਬਾਬਤ ਰੋਜ਼ਾਨਾ ਪੁੱਛਗਿੱਛ ਕਰਦੇ ਰਹਿੰਦੇ ਹਨ। ਅਮਰਿੰਦਰ ਸਿੰਘ, ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਦੇ ਨਾਲ-ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰ ਦਾ ਧੰਨਵਾਦ ਕਰਦਾ ਹੈ ਕਿ ਉਨ੍ਹਾਂ ਨੇ ਉਸਦੀ ਸਬਸਿਡੀਆਂ ਅਤੇ ਤਕਨੀਕੀ ਸਹਾਇਤਾ ਨਾਲ ਮਦਦ ਕਰਨ ਤਾਂ ਕੀਤੀ ਹੀ ਸਗੋਂ ਸਮੇਂ-ਸਮੇਂ ‘ਤੇ ਉਤਸ਼ਾਹ ਵੀ ਵਧਾਇਆ। ਅਮਰਿੰਦਰ ਸਿੰਘ ਦਾ ਕਹਿਣਾਂ ਸੀ ਕਿ ਉਸ ਕੋਲ ਅਤਿ ਆਧੁਨਿਕ ਖੇਤੀ ਸੰਦ ਮੌਜੂਦ ਹਨ। ਇਸ ਤੋਂ ਬਿਨ੍ਹਾਂ ਉਹ ਗਰੀਨ ਹਾਊਸ ਪੋਲੀਨੈਟ, ਤੁੰਪਕਾ ਸਿੰਚਾਈ, ਮਲਚਿੰਗ ਤੇ ਲੋਅ ਟਨਲ ਤਕਨੀਕਾਂ ਅਪਨਾਉਣ ਸਮੇਤ ਅਧਿਐਨ ਲਈ ਵੱਖ-ਵੱਖ ਖੇਤੀ ਕੇਂਦਰਾਂ ਦਾ ਦੌਰਾ ਵੀ ਕਰਦਾ ਰਹਿੰਦਾ ਹੈ ਅਜਿਹਾ ਕਰਨ ਦਾ ਇਹ ਲਾਭ ਹੁੰਦਾ ਹੈ ਕਿ ਸਬਜ਼ੀਆਂ ‘ਚ ਕੀੜੇਮਾਰ ਦਵਾਈਆਂ ਦਾ ਅਸਰ ਜੀਰੋ ਫ਼ੀਸਦੀ, ਧਰਤੀ ਹੇਠਲੇ ਪਾਣੀ ਦੀ ਬਚਤ ਅਤੇ ਖੇਤੀ ਰਹਿੰਦ-ਖੁੰਹਦ ਨੂੰ ਖੇਤਾਂ ‘ਚ ਹੀ ਵਰਤਿਆ ਜਾਂਦਾ ਹੈ, ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਧਦੀ ਹੈ। ਸਬਜ਼ੀਆਂ ਦੇ ਇਸ ਸਫ਼ਲ ਕਾਸ਼ਤਕਾਰ ਨੇ ਹੋਰ ਦੱਸਿਆ ਕਿ ਉਹ ਜਿਥੇ ਆਪਣੀ ਪ੍ਰਤੀ ਏਕੜ ਪੈਦਾਵਾਰ ‘ਚ ਇਜਾਫ਼ਾ ਕਰ ਰਿਹਾ ਹੈ ਉਥੇ ਹੀ ਉਸਦੀ ਕੁਲ ਆਮਦਨ ਅਤੇ ਬਚਤ ‘ਚ ਵੀ ਵਾਧਾ ਲਗਾਤਾਰ ਹੋ ਰਿਹਾ ਹੈ, ਜਿਸ ਦਾ ਸਿਹਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਨੂੰ ਜਾਂਦਾ ਹੈ। ਉਸਨੇ ਦੱਸਿਆ ਕਿ ਇਸ ਵੇਲੇ ਉਹ ਸ਼ਿਮਲਾ ਮਿਰਚ ਦੀ 1 ਏਕੜ ‘ਚ 211 ਕੁਇੰਟਲ ਪੈਦਾਵਾਰ ਤੋਂ ਕੁਲ 9 ਲੱਖ 65 ਹਜ਼ਾਰ ਰੁਪਏ, ਬੀਜ ਰਹਿਤ ਖੀਰੇ (ਇੱਕ ਫ਼ਸਲ) ਦੀ 1 ਏਕੜ ‘ਚ 161 ਕੁਇੰਟਲ ਤੋਂ 5 ਲੱਖ ਰੁਪਏ, 1 ਏਕੜ ‘ਚ ਖੁੰਭਾਂ ਦੀ 344 ਕੁਇੰਟਲ ਤੋਂ ਕੁਲ ਆਮਦਨ 23 ਲੱਖ 91 ਹਜ਼ਾਰ ਰੁਪਏ, ਖਰਬੂਜੇ ਦੀ 4 ਏਕੜ ‘ਚੋਂ 408 ਕੁਇੰਟਲ ਤੋਂ 7 ਲੱਖ 86 ਹਜ਼ਾਰ ਰੁਪਏ, ਡੇਢ ਏਕੜ ‘ਚੋਂ 150 ਕੁਇੰਟਲ ਕਰੇਲੇ ਦੀ ਖੇਤੀ ਤੋਂ ਕੁਲ ਆਮਦਨ 1 ਲੱਖ 91 ਹਜ਼ਾਰ ਅਤੇ 1.5 ਏਕੜ ‘ਚ ਬੀਜ ਰਹਿਤ ਖੀਰਾ (ਖੁੱਲੇ ‘ਚ) 220 ਕੁਇੰਟਲ ਤੋਂ 2 ਲੱਖ 49 ਹਜ਼ਾਰ ਰੁਪਏ ਕੁਲ ਆਮਦਨ ਪਾ ਰਿਹਾ ਹੈ।

Leave a Reply

Your email address will not be published. Required fields are marked *